ਬਾਬਾ ਦੀਪ ਸਿੰਘ

(ਸ਼ਹੀਦ ਬਾਬਾ ਦੀਪ ਸਿੰਘ ਤੋਂ ਰੀਡਿਰੈਕਟ)

ਬਾਬਾ ਦੀਪ ਸਿੰਘ ਜੀ (26 ਜਨਵਰੀ 1682 – 13 ਨਵੰਬਰ 1757) ਉਹਨਾਂ ਦਾ ਜਨਮ ਸਿੱਖ ਪਰਿਵਾਰ ਵਿਚ ਪਹੂਵਿੰਡ ਪਿੰਡ ਹੋਇਆ।ਜਿੰਨ੍ਹਾਂ ਨੂੰ ਅਕਸਰ ਸ਼ਹੀਦ ਅਤੇ ਬਾਬਾ ਨਾਲ ਸਤਿਕਾਰਿਆ ਜਾਂਦਾ ਹੈ 18ਵੀਂ ਸਦੀ ਦੇ ਇਕ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਸਿੱਖ ਸਨ। ਉਹਨਾਂ ਨੂੰ ਸਿੱਖੀ ਦੇ ਸਭ ਤੋ ਪਵਿੱਤਰ ਸ਼ਹੀਦ ਮੰਨਿਆ ਜਾਂਦਾ ਹੈ।

ਬਾਬਾ ਦੀਪ ਸਿੰਘ ਜੀ
ਗੁਰਦੁਆਰਾ ਬਾਬਾ ਅਟੱਲ, ਅੰਮ੍ਰਿਤਸਰ ਤੋਂ ਬਾਬਾ ਦੀਪ ਸਿੰਘ ਦੀ 19ਵੀਂ ਸਦੀ ਦੀ ਫਰੈਸਕੋ ਪੇਂਟਿੰਗ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ
ਦਫ਼ਤਰ ਵਿੱਚ
1706–1757
ਤੋਂ ਬਾਅਦਸੁਧ ਸਿੰਘ
ਦਮਦਮੀ ਟਕਸਾਲ ਦੇ ਜਥੇਦਾਰ
ਦਫ਼ਤਰ ਵਿੱਚ
1708–1757
ਤੋਂ ਪਹਿਲਾਂਗੁਰੂ ਗੋਬਿੰਦ ਸਿੰਘ
ਤੋਂ ਬਾਅਦਬਾਬਾ ਗੁਰਬਖਸ਼ ਸਿੰਘ
ਨਿੱਜੀ ਜਾਣਕਾਰੀ
ਜਨਮ(1682-01-26)26 ਜਨਵਰੀ 1682
ਪਹੂਵਿੰਡ, ਤਰਨ ਤਾਰਨ, ਪੰਜਾਬ, ਮੁਗ਼ਲ ਸਲਤਨਤ
ਮੌਤ13 ਨਵੰਬਰ 1757(1757-11-13) (ਉਮਰ 75)
ਹਰਿਮੰਦਰ ਸਾਹਿਬ, ਅੰਮ੍ਰਿਤਸਰ
ਮੌਤ ਦੀ ਵਜ੍ਹਾਜੰਗ ਵਿੱਚ ਮੌਤ
ਮਸ਼ਹੂਰ ਕੰਮ
ਫੌਜੀ ਸੇਵਾ
ਕਮਾਂਡਰ ਦਲ ਖ਼ਾਲਸਾ

ਵਿਦਵਾਨ ਤੇ ਸੂਰਬੀਰ

20-22 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਇੱਕ ਸਿਆਣੇ ਵਿਦਵਾਨ ਤੇ ਸੂਰਬੀਰ ਸੈਨਿਕ ਬਣ ਗਏ। ਇੱਕ ਪਾਸੇ ਤਾਂ ਆਪ ਸਿੱਖ ਸੰਗਤ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਅਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ ਸਨ, ਦੂਸਰੇ ਪਾਸੇ ਆਪ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨ-ਏ-ਜੰਗ ਵਿੱਚ ਜਾ ਕੇ ਜੈਕਾਰੇ ਬੁਲਾਉਂਦੇ ਸਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਵੱਖ-ਵੱਖ ਅਸਥਾਨਾਂ ਰਾਹੀਂ ਹੁੰਦੇ ਹੋਏ ਪਾਵਨ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਜ਼ਿਲ਼੍ਹਾ ਬਠਿੰਡਾ ਵਿਖੇ ਪਹੁੰਚੇ। ਇਸ ਪਾਵਨ ਅਸਥਾਨ 'ਤੇ ਬਾਬਾ ਦੀਪ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਆਪ ਜੀ ਇੱਕ ਮਹਾਨ ਕੀਰਤਨੀਏ ਤੇ ਵਧੀਆ ਲਿਖਾਰੀ ਵੀ ਸਨ।

'ਗੁਰੂ ਕੀ ਕਾਂਸ਼ੀ'

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਮੁੜ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਲਿਖਾਰੀ ਦਾ ਕੰਮ ਕਰਦੇ ਰਹੇ। ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ 'ਗੁਰੂ ਕੀ ਕਾਂਸ਼ੀ'- ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ,ਗੁਰਬਾਣੀ ਪੜ੍ਹਨ-ਪੜ੍ਹਾਉਣ ਤੇ ਲਿਖਵਾਉਣ ਦੀ ਸੇਵਾ ਲਈ ਨਿਯਤ ਕਰ ਗਏ ਸਨ। ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਬਾਬਾ ਜੀ ਖ਼ੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ। ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਸੀ। ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਪਿੱਛੋਂ ਬਾਬਾ ਦੀਪ ਸਿੰਘ ਜੀ ਹੀ ਵੱਡੇ ਸਿੱਖ ਵਿਦਵਾਨ ਸਨ।

12 ਮਿਸਲਾਂ

17ਵੀਂ ਸਦੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੋਇਆ। ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰ ਕੇ 12 ਮਿਸਲਾਂ ਅੰਦਰ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਮ ਸੀ 'ਸ਼ਹੀਦ ਮਿਸਲ'। ਬਾਬਾ ਦੀਪ ਸਿੰਘ ਜੀ ਇਸ 'ਸ਼ਹੀਦ ਮਿਸਲ' ਦੇ ਮੁੱਖ ਜਥੇਦਾਰ ਸਨ। ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਾਰਾਂ ਨੇ ਖ਼ੂਬ ਲੁੱਟਿਆ ਤੇ ਇਥੋਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ਼ਿਆ। ਇਸ ਸਮੇਂ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਕੇ ਇਨ੍ਹਾਂ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਜਿਸ ਨਾਲ ਭਾਰਤ ਦਾ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਵਾਪਸ ਦਿਵਾਇਆ ਜਾਂਦਾ ਰਿਹਾ। ਸਿੱਖੀ ਪਰੰਪਰਾ ਦਾ ਇੱਕ ਅਨਿੱਖੜਵਾਂ ਤੇ ਸਰਵੋਤਮ ਪੱਖ ਹੈ ਕਿ ਕਿਸੇ ਮਜ਼ਲੂਮ ਤੇ ਗਰੀਬ ਦੀ ਰੱਖਿਆ ਕਰਨਾ ਅਤੇ ਅਨਿਆਂ ਵਿਰੁੱਧ ਡਟ ਕੇ ਪਹਿਰਾ ਦੇਣਾ। ਉਸ ਸਮੇਂ ਸਿੱਖ ਪੰਥ ਨੇ ਸਿੱਖੀ ਦੀ ਇਸ ਮਹਾਨ ਪਰੰਪਰਾ ਉਂਪਰ ਬਾਖ਼ੂਬੀ ਅਮਲ ਕਰਦਿਆਂ ਪਹਿਰਾ ਦਿੱਤਾ ਅਤੇ ਮੁਗ਼ਲ ਤੇ ਅਫ਼ਗਾਨ ਧਾੜਵੀਆਂ ਨੂੰ ਪਛਾੜਿਆ।

ਲਕੀਰ ਖਿੱਚੀ

ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ, ਆਪਣੇ 1757 ਈ: ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦੇਰ ਲਈ ਲਾਹੌਰ ਠਹਿਰਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਮਾਲ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ 'ਤੇ ਪੁੱਜੀ ਤਾਂ ਆਪ ਦੇ ਦਿਲ 'ਤੇ ਅਸਹਿ ਸੱਟ ਵੱਜੀ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ 'ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।

ਅਫ਼ਗਾਨ ਅਤੇ ਸਿੰਘਾਂ ਦਾ ਟਾਕਰਾ

ਤਰਨ ਤਾਰਨ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੋਹਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜਥੇ ਨਾਲ ਦੁਸ਼ਮਣ ਦੀ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਗੋਹਲਵੜ ਵਿੱਚ ਬਾਬਾ ਜੀ ਦਾ ਸਾਹਮਣਾ ਜਹਾਨ ਖ਼ਾਨ ਨਾਲ ਹੋਇਆ। ਜਹਾਨ ਖਾਨ ਨੂੰ ਵੀ ਸੂਹੀਏ ਰਾਹੀਂ ਪਤਾ ਲੱਗ ਗਿਆ ਕਿ ਸਿੱਖ ਉਨ੍ਹਾਂ ਉਂਪਰ ਹਮਲਾ ਕਰਨ ਲਈ ਆ ਰਹੇ ਹਨ। ਇਹ ਖ਼ਬਰ ਸੁਣ ਕੇ ਜਹਾਨ ਖਾਨ ਨੇ ਆਪਣੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਉਂਤੇ ਹਮਲਾ ਕਰਨ ਦੇ ਆਦੇਸ਼ ਦਿੱਤੇ। ਜਹਾਨ ਖਾਨ ਆਪ ਘੋੜ ਸਵਾਰ ਫੌਜ ਨਾਲ ਲੈ ਕੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਗੋਹਲਵੜ ਦੇ ਸਥਾਨ 'ਤੇ ਪਹੁੰਚ ਗਿਆ, ਜਿੱਥੇ ਸਿੰਘਾਂ ਤੇ ਅਫ਼ਗਾਨਾਂ ਦੀ ਟੱਕਰ ਹੋਈ। ਅਫ਼ਗਾਨ ਸਿੰਘਾਂ ਦਾ ਟਾਕਰਾ ਨਾ ਕਰ ਸਕੇ। ਉਹ ਸਿੰਘਾਂ ਦੇ ਅੱਗੇ ਲੱਗ ਕੇ ਮੈਦਾਨੋਂ ਭੱਜ ਨਿਕਲੇ। ਇਹਨੇ ਨੂੰ ਜਹਾਨ ਖਾਨ ਦਾ ਸਹਾਇਕ ਅਤਾਈ ਖਾਨ ਆਪਣੀ ਭਾਰੀ ਫੌਜ ਲੈ ਕੇ ਆ ਗਿਆ, ਜਿਸ ਨਾਲ ਮੈਦਾਨ-ਏ-ਜੰਗ ਦੀ ਰੂਪ-ਰੇਖਾ ਬਦਲ ਗਈ। ਇਸ ਘਮਸਾਨ ਦੀ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇੱਕ-ਇੱਕ ਕਰਕੇ ਸ਼ਹੀਦ ਹੋਣ ਲੱਗੇ। ਇਸ ਯੁੱਧ ਵਿੱਚ ਹੌਲੀ-ਹੌਲੀ ਸਿੰਘ ਅਫ਼ਗਾਨਾਂ ਨੂੰ ਧੱਕਦੇ-ਧੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀਵਿੰਡ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਪੁੱਜ ਗਏ। ਬਾਬਾ ਦੀਪ ਸਿੰਘ ਜੀ 18 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਉਹ ਸਖ਼ਤ ਜਖ਼ਮੀ ਹੋ ਗਏ ਸਨ। ਅਫ਼ਗਾਨ ਦੁਸ਼ਮਣ ਦਾ ਇੱਕ ਕਮਾਂਡਰ ਅਮਾਨ ਖਾਨ ਅੱਗੇ ਵਧਿਆ ਤੇ ਬਾਬਾ ਜੀ 'ਤੇ ਵਾਰ ਕਰਨ ਲੱਗਾ। ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ। ਇਸ ਸਾਂਝੇ ਵਾਰ ਵਿੱਚ ਬਾਬਾ ਜੀ ਨੇ ਉਸ ਮੁਗ਼ਲ ਕਮਾਂਡਰ ਨੂੰ ਤਾਂ ਥਾਂ 'ਤੇ ਹੀ ਖ਼ਤਮ ਕਰ ਦਿੱਤਾ ਪਰ ਨਾਲ ਹੀ ਇਨ੍ਹਾਂ ਦੀ ਧੌਣ ਉੱਤੇ ਇੱਕ ਘਾਤਕ ਘਾਉ ਲੱਗਾ, ਸੀਸ ਨੂੰ ਖੱਬੇ ਹੱਥ ਦਾ ਆਸਰਾ ਦੇ ਕੇ ਆਪਣਾ ਸਵਾ ਮਣ ਦਾ ਖੰਡਾ ਵਾਹੁੰਦੇ ਹੋਏ ਲੜਦੇ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਤਕ ਜਾ ਪਹੁੰਚੇ। ਇਥੋਂ ਤਕ ਅੱਪੜਦਿਆਂ ਬਾਬਾ ਜੀ ਨੇ ਕਈ ਪਠਾਣ ਤੇ ਅਫ਼ਗਾਨ ਮਾਰ ਮੁਕਾਏ ਸਨ। ਇਸ ਤਰ੍ਹਾਂ ਇਸ ਘਮਸਾਨ ਦੀ ਜੰਗ ਅੰਦਰ ਅਫ਼ਗਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫੌਜ ਦੇ ਹੌਸਲੇ ਟੁੱਟ ਗਏ ਤੇ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ।

ਸ਼ਹੀਦ ਹੋਏ ਸਿੰਘ

ਸੰਨ 1757 ਈ: ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਹਿਤ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜ੍ਹੇ ਉੱਪਰ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ। ਉਸ ਥੜ੍ਹੇ ਉੱਪਰ ਕੁਝ ਸਿੰਘਾਂ ਦੇ ਨਾਮ ਹੇਠ ਲਿਖੇ ਅਨੁਸਾਰ ਲਿਖੇ ਹੋਏ ਹਨ:

  • ਬਾਬਾ ਦੀਪ ਸਿੰਘ ਜੀ ਸ਼ਹੀਦ ਹੈਂਡ ਜਥੇਦਾਰ
  • ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
  • ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
  • ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
  • ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
  • ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
  • ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
  • ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
  • ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
  • ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ

ਜਾਨਾਂ ਕੁਰਬਾਨ

ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ।

ਸ਼ਹੀਦੀ ਅਸਥਾਨ‌

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਹੈ, ਜਿੱਥੇ ਅੱਜਕਲ੍ਹ 'ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ' ਸੁਸ਼ੋਭਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।

ਹੋਰ ਹਵਾਲੇ

  1. Jacques, Tony (2006). Dictionary of Battles and Sieges. Greenwood Press. p. 400. ISBN 978-0-313-33536-5. Archived from the original on 26 June 2015. Retrieved 15 September 2017.
🔥 Top keywords: ਮੁੱਖ ਸਫ਼ਾਹੋਲਾ ਮਹੱਲਾਖ਼ਾਸ:ਖੋਜੋਗੁਰੂ ਨਾਨਕਗੁਰੂ ਗ੍ਰੰਥ ਸਾਹਿਬਮੌਡਿਊਲ:Argumentsਭਗਤ ਸਿੰਘਪੰਜਾਬੀ ਭਾਸ਼ਾਭਗਤ ਰਵਿਦਾਸਪੰਜਾਬ, ਭਾਰਤਆਨੰਦਪੁਰ ਸਾਹਿਬਗੁਰੂ ਗੋਬਿੰਦ ਸਿੰਘਭਾਈ ਵੀਰ ਸਿੰਘਵਿਸਾਖੀਪੰਜਾਬੀ ਮੁਹਾਵਰੇ ਅਤੇ ਅਖਾਣਚੀਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਿੱਧੂ ਮੂਸੇ ਵਾਲਾਅਕਾਲੀ ਫੂਲਾ ਸਿੰਘਸਾਕਾ ਨਨਕਾਣਾ ਸਾਹਿਬਭਾਰਤ ਦਾ ਸੰਵਿਧਾਨਬ੍ਰਾਜ਼ੀਲਗੁਰੂ ਅਰਜਨਪੰਜਾਬੀ ਲੋਕ ਬੋਲੀਆਂ2014 ਆਈਸੀਸੀ ਵਿਸ਼ਵ ਟੀ20ਗੁਰਮੁਖੀ ਲਿਪੀਰਣਜੀਤ ਸਿੰਘਖ਼ਾਸ:ਤਾਜ਼ਾ ਤਬਦੀਲੀਆਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਿਕੀਪੀਡੀਆ:ਬਾਰੇਸਤਿ ਸ੍ਰੀ ਅਕਾਲਵਿਕੀਪੀਡੀਆ:ਅਕਸਰ ਪੁੱਛੇ ਜਾਣ ਵਾਲੇ ਸਵਾਲਮੱਕੀਹਰਿਮੰਦਰ ਸਾਹਿਬਸੰਯੁਕਤ ਰਾਜਇੰਡੋਨੇਸ਼ੀਆਬੰਦਾ ਸਿੰਘ ਬਹਾਦਰਬਕਲਾਵਾਬਾਬਾ ਦੀਪ ਸਿੰਘਅੰਮ੍ਰਿਤਸਰਹੋਲੀਹਰੀ ਸਿੰਘ ਨਲੂਆਭਾਰਤਸ਼ਿਵ ਕੁਮਾਰ ਬਟਾਲਵੀਵਿਕੀਪੀਡੀਆ:ਹਾਲ ਦੀਆਂ ਘਟਨਾਵਾਂਗੁਰੂ ਤੇਗ ਬਹਾਦਰਪੰਜਾਬ ਦਾ ਇਤਿਹਾਸਬਾਬਾ ਫ਼ਰੀਦਸਾਕਾ ਗੁਰਦੁਆਰਾ ਪਾਉਂਟਾ ਸਾਹਿਬਸੁਰਜੀਤ ਪਾਤਰਆਮਦਨ ਕਰਭੀਮਰਾਓ ਅੰਬੇਡਕਰਮਦਦ:ਜਾਣ-ਪਛਾਣਫਾਸ਼ੀਵਾਦਸ਼ਬਦਗੁਰੂ ਅੰਗਦਗੁਰੂ ਹਰਿਗੋਬਿੰਦਚੰਡੀ ਦੀ ਵਾਰਵਿਆਹ ਦੀਆਂ ਰਸਮਾਂਵਰਗ ਮੂਲਨਾਂਵਪੰਜਾਬੀ ਵਿਕੀਪੀਡੀਆਗੁਰੂ ਰਾਮਦਾਸਅਨੁਵਾਦਜਪੁਜੀ ਸਾਹਿਬਅੰਮ੍ਰਿਤਾ ਪ੍ਰੀਤਮਖੁੰਬਾਂ ਦੀ ਕਾਸ਼ਤਰਣਜੀਤ ਸਿੰਘ ਕੁੱਕੀ ਗਿੱਲਲੀਫ ਐਰਿਕਸਨਗੁਰੂ ਅਮਰਦਾਸਖੇਤੀਬਾੜੀਭੌਤਿਕ ਵਿਗਿਆਨਕਾਂਸ਼ੀ ਰਾਮਪੰਜਾਬੀਵਿਕੀਪੀਡੀਆ:ਸੱਥਸਿੱਖਿਆਸਮਰੂਪਤਾ (ਰੇਖਾਗਣਿਤ)ਨੌਰੋਜ਼ਸਾਨੀਆ ਮਲਹੋਤਰਾਹੱਜਗੁਰੂ ਹਰਿਕ੍ਰਿਸ਼ਨਕਬੀਰਪੀਰੀਅਡ (ਮਿਆਦੀ ਪਹਾੜਾ)ਜ਼ੈਨ ਮਲਿਕਪ੍ਰਿਅੰਕਾ ਚੋਪੜਾਬਾਬਾ ਬੁੱਢਾ ਜੀ27 ਮਾਰਚਪੰਜ ਤਖ਼ਤ ਸਾਹਿਬਾਨਪੰਜਾਬੀ ਸੱਭਿਆਚਾਰ1911ਤਖ਼ਤ ਸ੍ਰੀ ਕੇਸਗੜ੍ਹ ਸਾਹਿਬਕਰਤਾਰ ਸਿੰਘ ਸਰਾਭਾਸੂਫ਼ੀ ਕਾਵਿ ਦਾ ਇਤਿਹਾਸਵਿਕੀਪੀਡੀਆਮਦਦ:MediaWiki namespaceਕੁਲਵੰਤ ਸਿੰਘ ਵਿਰਕਡੱਡੂ